ਹੁਕਮਨਾਮਾ ਸਾਹਿਬ
Hukamnama Sahib
Wednesday, 22 December 2004
ਬੁੱਧਵਾਰ, ੯ ਪੋਹ (ਸੰਮਤ ੫੩੬ ਨਾਨਕਸ਼ਾਹੀ)
Ang 581 · Raag Vadhans · Guru Nanak Dev Ji
ਗੁਰਮੁਖੀ (Gurmukhi)
ਵਡਹੰਸੁ ਮਹਲਾ ੧ ॥
vaddaha(n)s mahalaa pehilaa ||
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥
baabaa aaiaa hai uTh chalanaa ih jag jhooTh pasaarovaa ||
ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥
sachaa ghar sachaRai seveeaai sach kharaa sachiaarovaa ||
ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥
kooR lab jaa(n) thai na paasee agai lahai na Thaao ||
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥
a(n)tar aau na baisahu kaheeaai jiau su(n)n(j)ai ghar kaao ||
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥
ja(n)man maran vaddaa vechhoRaa binasai jag sabaae ||
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥
lab dha(n)dhai maiaa jagat bhulaiaa kaal khaRaa rooaae ||1||
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥
baabaa aavahu bhaieeho gal mileh mil mil dheh aaseesaa he ||
ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥
baabaa sachaRaa mel na chukiee preetam keeaa dheh aseesaa he ||
ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥
aaseesaa dhevaho bhagat karevaho miliaa kaa kiaa melo ||
ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥
eik bhoole naavahu thehahu thaavahu gur sabadhee sach khelo ||
ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥
jam maarag nahee jaanaa sabadh samaanaa jug jug saachai vese ||
ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥
saajan sain milahu sa(n)jogee gur mil khole faase ||2||
ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥
baabaa naa(n)gaRaa aaiaa jag meh dhukh sukh lekh likhaiaa ||
ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥
likhiaRaa saahaa naa Talai jehaRaa purab kamaiaa ||
ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥
beh saachai likhiaa a(n)mrit bikhiaa jit laiaa tit laagaa ||
ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥
kaamaniaaree kaaman paae bahu ra(n)gee gal taagaa ||
ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥
hochhee mat bhiaa man hochhaa guR saa makhee khaiaa ||
ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥
naa marajaadh aaiaa kal bheetar naa(n)go ba(n)dh chalaiaa ||3||
ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥
baabaa rovahu je kisai rovanaa jaaneeaRaa ba(n)dh paThaiaa hai ||
ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥
likhiaRaa lekh na meTeeaai dhar haakaaraRaa aaiaa hai ||
ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥
haakaaraa aaiaa jaa tis bhaiaa ru(n)ne rovanahaare ||
ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥
put bhaiee bhaateeje roveh preetam at piaare ||
ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥
bhai rovai gun saar samaale ko marai na muiaa naale ||
ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥
naanak jug jug jaan sijaanaa roveh sach samaale ||4||5||
English Translation
WADAHANS, FIRST MEHL:
O Baba, whoever has come, will rise up and leave; this world is a false show. One’s true home is obtained by serving the True One; real Truth comes by being truthful. By falsehood and greed, no place of rest is found, and no place in the world hereafter is obtained. No one invites him to come in and sit down — he is like a crow in a deserted house. Caught in birth and death, separated from God for such a long time, the whole world is wasting away. Greed, worldly entanglements and Maya deceive the world. Death hovers over its head, and makes it cry. || 1 ||
Come, O Baba, and Siblings of Destiny — let’s join together; take me in your arms, and bless me with your prayers. O Baba, union with the True One cannot be broken; bless me with your prayers for union with my Beloved. Bless me with your prayers, that I may worship God with devotion; for those already united with Him, what more is there to unite? Some have wandered away from the Name of God — they have lost the Path. The Word of the Guru’s Shabad is the true game. Do not go on the path of Death; remain absorbed in the Shabad, the true form throughout the ages. Through good fortune, we meet such friends and relatives, who meet with the Guru, and escape the noose of Death. || 2 ||
O Baba, we come into the world naked, into pain and pleasure, according to the record of our account. The call of our pre-ordained destiny cannot be altered; it follows from our past actions. The True Lord sits and writes of ambrosial nectar and bitter poison; as the Lord attaches us, so are we attached. The charmer, Maya, has worked her charms, and the multi-colored thread is around everyone’s neck. Through shallow intellect, the mind becomes shallow, and one eats the fly, along with the sweets. Contrary to custom, he comes into the Dark Age of Kali Yuga naked, and naked he is bound down and sent away again. || 3 ||
O Baba, weep and mourn if you must; the beloved soul is bound and driven off. The pre-ordained record of destiny cannot be erased; the summons has come from the Lord’s Court. The messenger comes, when it pleases God, and the mourners begin to mourn. Sons, brothers, nephews and very dear friends weep and wail. Let him weep, who weeps in the Fear of God, cherishing the virtues of God — no one dies with the dead. O Nanak, throughout the ages, they are known as wise, who weep, remembering the True One. || 4 || 5 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ । ਜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ । ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ । ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ । ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ—ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ । ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ । (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ) । ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ । ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ।੧।
ਹੇ ਭਾਈ! ਹੇ ਭਰਾਵੋ! ਆਓ, ਅਸੀ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ (ਉਸ ਦੇ ਵਾਸਤੇ ਪ੍ਰਭੂ-ਦਰ ਤੇ ਅਰਦਾਸਾਂ ਕਰੀਏ) ਪ੍ਰੀਤਮ-ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦੇਈਏ (ਅਰਦਾਸਾਂ ਕਰੀਏ । ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਅਰਦਾਸ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ । (ਹੇ ਸਤਸੰਗੀ ਭਰਾਵੋ! ਰਲ ਕੇ ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ (ਭਗਤੀ ਦੀ ਬਰਕਤਿ ਨਾਲ ਪਰਮਾਤਮਾ ਦੇ ਚਰਨਾਂ ਵਿਚ ਮਿਲਾਪ ਹੋ ਜਾਂਦਾ ਹੈ) ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ । ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ । ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ-ਖੇਡ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਖੇਡੀ ਜਾ ਸਕਦੀ ਹੈ । ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ (ਵੇਸ) ਸਦਾ ਲਈ ਅਟੱਲ ਹੈ । ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ । ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ।੨।
ਹੇ ਭਾਈ! (ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿਚ ਭੋਗਣ ਵਾਸਤੇ) ਦੁੱਖ ਅਤੇ ਸੁਖ-ਰੂਪ ਲੇਖ (ਪਰਮਾਤਮਾ ਦੀ ਦਰਗਾਹ ਵਿਚੋਂ ਆਪਣੇ ਮੱਥੇ ਤੇ) ਲਿਖਾ ਕੇ ਜਗਤ ਵਿਚ ਨੰਗਾ ਹੀ ਆਉਂਦਾ ਹੈ (ਜਨਮ ਸਮੇ ਹੀ ਉਹ ਸਮਾ ਭੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ) ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ । (ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ । (ਪਿਛਲੇ ਕੀਤੇ ਅਨੁਸਾਰ ਹੀ ਪ੍ਰਭੂ ਦੀ ਰਜ਼ਾ ਵਿਚ) ਜਿਧਰ ਜੀਵ ਨੂੰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ । (ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ) । (ਇਸ ਮੋਹਣੀ ਮਾਇਆ ਦੇ ਪ੍ਰਭਾਵ ਹੇਠ ਹੀ) ਜੀਵ ਦੀ ਮਤਿ ਥੋੜ੍ਹ-ਵਿਤੀ ਹੋ ਜਾਂਦੀ ਹੈ, ਜੀਵ ਦਾ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ (ਭਾਵ, ਇਸ ਵਿਚ ਵਿਤਕਰਾ ਤੇ ਮੇਰ-ਤੇਰ ਆ ਜਾਂਦੇ ਹਨ, ਆਪਣੇ ਨਿੱਕੇ ਜਿਹੇ ਸੁਅਰਥ ਤੋਂ ਬਾਹਰ ਵੇਖ ਸੋਚ ਨਹੀਂ ਸਕਦਾ), ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਜੀਵ ਮਾਇਆ ਨਾਲ ਚੰਬੜ ਕੇ ਆਤਮਕ ਮੌਤੇ ਮਰ ਜਾਂਦਾ ਹੈ) । ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ।੩।
ਹੇ ਭਾਈ! (ਜਿਸ ਜੀਵ ਦੇ ਇਥੋਂ ਚਲਾਣੇ ਦਾ ਸੱਦਾ ਆ ਜਾਂਦਾ ਹੈ, ਰੋ ਰੋ ਕੇ ਉਸ ਸੱਦੇ ਨੂੰ ਟਾਲ ਨਹੀਂ ਸਕੀਦਾ, ਇਹ ਅਟੱਲ ਨਿਯਮ ਹੈ, ਪਰ ਫਿਰ ਭੀ) ਜੇ ਕਿਸੇ ਨੇ (ਇਸ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ । ਪਿਆਰਾ ਸੰਬੰਧੀ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ । (ਉਸ ਦੇ ਇਥੋਂ ਕੂਚ ਵਾਸਤੇ ਪਰਮਾਤਮਾ ਦੀ ਦਰਗਾਹ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਪ੍ਰਭੂ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ) । ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ । ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ । ਜੀਵ (ਕੂਚ ਕਰ ਜਾਣ ਵਾਲੇ ਆਪਣੇ ਸੰਬੰਧੀ ਦੇ ਪਿੱਛੇ ਦੁਨੀਆ ਵਿਚ ਵਾਪਰਨ ਵਾਲੇ ਦੁੱਖਾਂ ਦੇ) ਸਹਮ ਵਿਚ ਰੋਂਦਾ ਹੈ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦਾ ਹੈ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ (ਜੀਊਣਾ ਹਰੇਕ ਨੂੰ ਪਿਆਰਾ ਲੱਗਦਾ ਹੈ, ਆਈ ਤੋਂ ਬਿਨਾ ਕੋਈ ਮਰ ਭੀ ਨਹੀਂ ਸਕਦਾ) । ਹੇ ਨਾਨਕ! (ਇਹ ਮਰਨ ਤੇ ਜੰਮਣ ਦਾ ਸਿਲਸਿਲਾ ਤਾਂ ਜਾਰੀ ਹੀ ਰਹਿਣਾ ਹੈ) ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ।੪।੫।
Source: SGPC Official; BaniDB · Read Ang 581 in Sri Guru Granth Sahib Ji