ਹੁਕਮਨਾਮਾ ਸਾਹਿਬ
Hukamnama Sahib
Sunday, 08 October 2023
ਐਤਵਾਰ, ੨੨ ਅੱਸੂ (ਸੰਮਤ ੫੫੫ ਨਾਨਕਸ਼ਾਹੀ) ੮ ਅਕਤੂਬਰ, ੨੦੨੩
Ang 463 · Raag Aasaa · Guru Nanak Dev Ji
ਗੁਰਮੁਖੀ (Gurmukhi)
ਸਲੋਕੁ ਮਃ ੧ ॥
salok mahalaa pehilaa ||
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
sache tere kha(n)dd sache brahama(n)dd ||
ਸਚੇ ਤੇਰੇ ਲੋਅ ਸਚੇ ਆਕਾਰ ॥
sache tere loa sache aakaar ||
ਸਚੇ ਤੇਰੇ ਕਰਣੇ ਸਰਬ ਬੀਚਾਰ ॥
sache tere karane sarab beechaar ||
ਸਚਾ ਤੇਰਾ ਅਮਰੁ ਸਚਾ ਦੀਬਾਣੁ ॥
sachaa teraa amar sachaa dheebaan ||
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
sachaa teraa hukam sachaa furamaan ||
ਸਚਾ ਤੇਰਾ ਕਰਮੁ ਸਚਾ ਨੀਸਾਣੁ ॥
sachaa teraa karam sachaa neesaan ||
ਸਚੇ ਤੁਧੁ ਆਖਹਿ ਲਖ ਕਰੋੜਿ ॥
sache tudh aakheh lakh karoR ||
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
sachai sabh taan sachai sabh jor ||
ਸਚੀ ਤੇਰੀ ਸਿਫਤਿ ਸਚੀ ਸਾਲਾਹ ॥
sachee teree sifat sachee saalaeh ||
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
sachee teree kudharat sache paatisaeh ||
ਨਾਨਕ ਸਚੁ ਧਿਆਇਨਿ ਸਚੁ ॥
naanak sach dhiaain sach ||
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
jo mar ja(n)me su kach nikach ||1||
ਮਃ ੧ ॥
mahalaa pehilaa ||
ਵਡੀ ਵਡਿਆਈ ਜਾ ਵਡਾ ਨਾਉ ॥
vaddee vaddiaaiee jaa vaddaa naau ||
ਵਡੀ ਵਡਿਆਈ ਜਾ ਸਚੁ ਨਿਆਉ ॥
vaddee vaddiaaiee jaa sach niaau ||
ਵਡੀ ਵਡਿਆਈ ਜਾ ਨਿਹਚਲ ਥਾਉ ॥
vaddee vaddiaaiee jaa nihachal thaau ||
ਵਡੀ ਵਡਿਆਈ ਜਾਣੈ ਆਲਾਉ ॥
vaddee vaddiaaiee jaanai aalaau ||
ਵਡੀ ਵਡਿਆਈ ਬੁਝੈ ਸਭਿ ਭਾਉ ॥
vaddee vaddiaaiee bujhai sabh bhaau ||
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
vaddee vaddiaaiee jaa puchh na dhaat ||
ਵਡੀ ਵਡਿਆਈ ਜਾ ਆਪੇ ਆਪਿ ॥
vaddee vaddiaaiee jaa aape aap ||
ਨਾਨਕ ਕਾਰ ਨ ਕਥਨੀ ਜਾਇ ॥
naanak kaar na kathanee jai ||
ਕੀਤਾ ਕਰਣਾ ਸਰਬ ਰਜਾਇ ॥੨॥
keetaa karanaa sarab rajai ||2||
ਮਹਲਾ ੨ ॥
mahalaa doojaa ||
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
eih jag sachai kee hai koThaRee sache kaa vich vaas ||
ਇਕਨੑਾ ਹੁਕਮਿ ਸਮਾਇ ਲਏ ਇਕਨੑਾ ਹੁਕਮੇ ਕਰੇ ਵਿਣਾਸੁ ॥
eikan(h)aa hukam samai le ikan(h)aa hukame kare vinaas ||
ਇਕਨੑਾ ਭਾਣੈ ਕਢਿ ਲਏ ਇਕਨੑਾ ਮਾਇਆ ਵਿਚਿ ਨਿਵਾਸੁ ॥
eikan(h)aa bhaanai kadd le ikan(h)aa maiaa vich nivaas ||
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
ev bh aakh na jaapiee j kisai aane raas ||
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
naanak gurmukh jaaneeaai jaa kau aap kare paragaas ||3||
ਪਉੜੀ ॥
pauRee ||
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
naanak jeea upai kai likh naavai dharam bahaaliaa ||
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
othai sache hee sach nibaRai chun vakh kadde jajamaaliaa ||
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੑੈ ਦੋਜਕਿ ਚਾਲਿਆ ॥
thaau na pain kooRiaar muh kaal(h)ai dhojak chaaliaa ||
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
terai nai rate se jin ge haar ge s Thagan vaaliaa ||
ਲਿਖਿ ਨਾਵੈ ਧਰਮੁ ਬਹਾਲਿਆ ॥੨॥
likh naavai dharam bahaaliaa ||2||
English Translation
SHALOK, FIRST MEHL:
True are Your worlds, True are Your solar Systems. True are Your realms, True is Your creation. True are Your actions, and all Your deliberations. True is Your Command, and True is Your Court. True is the Command of Your Will, True is Your Order. True is Your Mercy, True is Your Insignia. Hundreds of thousands and millions call You True. In the True Lord is all power, in the True Lord is all might. True is Your Praise, True is Your Adoration. True is Your almighty creative power, True King. O Nanak, true are those who meditate on the True One. || 1 ||
FIRST MEHL: Great is His greatness, as great as His Name. Great is His greatness, as True is His justice. Great is His greatness, as permanent as His Throne. Great is His greatness, as He knows our utterances. Great is His greatness, as He understands all our affections. Great is His greatness, as He gives without being asked. Great is His greatness, as He Himself is all-in-all. O Nanak, His actions cannot be described. Whatever He has done, or will do, is all by His Own Will. || 2 ||
SECOND MEHL: This world is the room of the True Lord; within it is the dwelling of the True Lord. By His Command, some are merged into Him, and some, by His Command, are destroyed. Some, by the Pleasure of His Will, are lifted up out of Maya, while others are made to dwell within it. No one can say who will be rescued. O Nanak, he alone is known as Gurmukh, unto whom the Lord reveals Himself. || 3 ||
PAUREE: O Nanak, having created the souls, the Lord installed the Righteous Judge of Dharma to read and record their accounts. There, only the Truth is judged true; the sinners are picked out and separated. The false find no place there, and they go to hell with their faces blackened. Those who are imbued with Your Name win, while the cheaters lose. The Lord installed the Righteous Judge of Dharma to read and record the accounts. || 2 ||
ਪੰਜਾਬੀ ਵਿਆਖਿਆ (Punjabi Explanation)
ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ) । ਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ; ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ । ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ, ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ । ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ । ਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ—ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ) । (ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ) । ਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ; ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ । ਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ; ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ)।੧।
ਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ । ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ । ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ । ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ । ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ (ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ । ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ।੨।
ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ । ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ । ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ । ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ । ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ।੩।
ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ । ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ ‘ਨਿਰੋਲ ਸਚੁ’ ਹੈ, ਜਿਨ੍ਹਾਂ ਦੇ ਪੱਲੇ ‘ਸਚੁ’ ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ । ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ । (ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ । (ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ।੨।
Source: SGPC Official; BaniDB · Read Ang 463 in Sri Guru Granth Sahib Ji